Re: Ajj da mukhwak
ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ
ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਅਤੇ ਬਾਣੀ ਉਤੇ ਅਮਲ ਕਰਨ ਦੀ ਖੇਚਲ ਕਰਨੀ ਜੀ
ਅੱਜ ਦਾ ਮੁੱਖਵਾਕ 11.2.2012, ਸ਼ਨੀਵਾਰ , ੨੮ ਮਾਘ (ਸੰਮਤ ੫੪੩ ਨਾਨਕਸ਼ਾਹੀ)
ਸੂਹੀ ਮਹਲਾ ੫ ॥
ਬੈਕੁੰਠ ਨਗਰੁ ਜਹਾ ਸੰਤ ਵਾਸਾ ॥
ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥
ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥
ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥
(ਅੰਗ ੭੪੨)
ਪੰਜਾਬੀ ਵਿਚ ਵਿਆਖਿਆ :-
ਹੇ ਭਾਈ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕੁੰਠ ਦਾ ਸ਼ਹਰ। (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ।੧।
ਹੇ ਭਾਈ! (ਮੇਰੀ ਗੱਲ) ਸੁਣ, (ਆ,) ਮੈਂ (ਤੇਰੇ) ਮਨ ਨੂੰ (ਤੇਰੇ) ਤਨ ਨੂੰ ਆਤਮਕ ਆਨੰਦ ਵਿਖਾ ਦਿਆਂ। ਪ੍ਰਭੂ ਦਾ ਨਾਮ (ਮਾਨੋ) ਅਨੇਕਾਂ ਸੁਆਦਲੇ ਭੋਜਨ ਹੈ, (ਆ, ਸਾਧ ਸੰਗਤਿ ਵਿਚ) ਮੈਂ ਤੈਨੂੰ ਉਹ ਸੁਆਦਲੇ ਭੋਜ ਖਵਾਵਾਂ।੧। ਰਹਾਉ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ.